ਬਾਬੂ ਸਿੰਘ ਮਾਨ ਮਰਾੜ੍ਹਾਂਵਾਲਾ ਪੰਜਾਬੀ ਗੀਤਕਾਰੀ ਦੇ ਇਤਿਹਾਸ ਦਾ ਅਹਿਮ ਮੀਲ-ਪੱਥਰ ਹੈ। ਬਾਬੂ ਸਿੰਘ ਉਸ ਦਾ ਨਾਂ ਹੈ,ਮਾਨ ਉਸ ਦਾ ਗੋਤ ਅਤੇ ਮਰਾੜ੍ਹ (ਫਰੀਦਕੋਟ) ਉਸ ਦਾ ਪਿੰਡ ਪਰ ਪੰਜਾਬੀ ਮਨ ਵਿਚ ਇਹ ਇਕੋ ਹੀ ਹਨ। ਬਾਬੂ ਸਿੰਘ ਮਾਨ ਮਰਾੜ੍ਹਾਂਵਾਲੇ ਦਾ ਜਨਮ 10 ਅਕਤੂਬਰ,1942 ਨੂੰ ਮਾਤਾ ਆਸ ਕੌਰ ਅਤੇ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਉਸ ਸਮੇਂ ਬਾਬੂ ਭਾਵ ਨਹਿਰ ਮਹਿਕਮੇ ਦੇ ਓਵਰਸੀਅਰ ਦੀ ਬੜੀ ਚੜ੍ਹਤ ਹੁੰਦੀ ਸੀ ਸ਼ਾਇਦ ਇਸੇ ਕਰਕੇ ਹੀ ਦਾਦਾ ਲਾਲ ਸਿੰਘ ਨੇ ਇਹ ਨਾਂ ਰੱਖਿਆ ਹੋਵੇਗਾ। ਇਹ ਵੀ ਹੋ ਸਕਦਾ ਹੈ ਕਿ ਮਾਲਵੇ ਇਲਾਕੇ ਦੇ ਕਵੀਸ਼ਰ ਬਾਬੂ ਰਜਬ ਅਲੀ ਸਾਹੋਵਾਲੇ ਦੀ ਸ਼ਾਇਰੀ ਦਾ ਪ੍ਰਭਾਵ ਹੋਵੇ। ਉਸ ਨੇ ਨੇੜਲੇ ਪਿੰਡ ਜੰਡ ਸਾਹਿਬ ਦੇ ਸਕੂਲ ਤੋਂ ਪ੍ਰਾਇਮਰੀ ਪਾਸ ਕੀਤੀ ਅਤੇ ਛੇਵੀਂ ਜਮਾਤ ਤੋਂ ਹੀ ਉਸ ਸਮੇਂ ਦੇ ਬਾਲ-ਰਿਸਾਲਿਆਂ ਵਿਚ ਛਪਣਾ ਸ਼ੁਰੂ ਹੋ ਗਿਆ। ਉਸ ਨੇ ਬੀ.ਏ.ਬਰਜਿੰਦਰਾ ਕਾਲਜ ਫਰੀਦਕੋਟ ਤੋਂ ਕੀਤੀ। ਸਾਹਿਤਕ ਪੱਖ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਰਤਾਰ ਸਿੰਘ ਬਲੱਗਣ ਦੇ ਪ੍ਰਸਿੱਧ ਰਿਸਾਲੇ ਕਵਿਤਾ ਵਿਚ ਦੁੱਧ ਕਾੜ੍ਹ ਕੇ ਜਾਗ ਨਾ ਲਾਵਾਂ ਤੇਰੀਆਂ ਉਡੀਕਾਂ ਹਾਣੀਆਂ ਗੀਤ ਛਪਿਆ। 1963 ਵਿਚ ਪਹਿਲੀ ਪੁਸਤਕ ਗੀਤਾਂ ਦਾ ਵਣਜਾਰਾ ਛਪੀ। ਪਹਿਲਾ ਗੀਤ ਗੁਰਪਾਲ ਸਿੰਘ ਪਾਲ ਦੀ ਅਵਾਜ ਵਿਚ ਰਿਕਾਰਡ ਹੋਇਆ ਅਤੇ ਉਸ ਤੋਂ ਬਾਅਦ ਹਰਚਰਨ ਗਰੇਵਾਲ, ਸੁਰਿੰਦਰ ਕੌਰ ਤੋਂ ਲੈ ਕੇ ਸੁਖਵਿੰਦਰ ਤਕ ਲੱਗਭਗ ਪੰਜਾਬੀ ਦੇ ਸਾਰੇ ਨਵੇਂ ਪੁਰਾਣੇ ਗਾਇਕ-ਗਾਇਕਾਵਾਂ ਨੇ ਉਸ ਦੇ ਗੀਤਾਂ ਨੂੰ ਆਵਾਜ ਦਿੱਤੀ। ਹਿੰਦੁਸਤਾਨ ਦੇ ਪ੍ਰਮੁੱਖ ਹਿੰਦੀ ਫਿਲਮਾਂ ਦੇ ਪਿੱਠ-ਵਰਤੀ ਗਾਇਕ-ਗਾਇਕਾਵਾਂ ਖਾਸ ਕਰਕੇ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਨੇ ਵੀ ਉਸ ਦੇ ਗੀਤ ਗਾਏ। ਪੰਜਾਬੀ ਵਿਚ ਉਸ ਦੇ ਦੋਗਾਣਿਆਂ ਨੂੰ ਸਭ ਤੋਂ ਵੱਧ ਮੁਹੰਮਦ ਸਦੀਕ-ਰਣਜੀਤ ਕੌਰ ਜੋੜੀ ਨੇ ਗਾਇਆ। ਉਸ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਗੀਤ ਅਤੇ ਸੰਵਾਦ ਵੀ ਲਿਖੇ। ਮਾਨ ਦੇ ਚੁਟਕਲਿਆਂ ਦਾ ਇਕ ਸੰਗ੍ਰਹਿ ਜਨਾਨਾ ਅਸਵਾਰੀ ਵੀ ਪ੍ਰਸਿੱਧ ਹੋਇਆ ਅਤੇ ਵੈਸੇ ਵੀ ਉਸ ਨੂੰ ਨੇੜਿਉਂ ਜਾਣਨ ਵਾਲੇ ਜਾਣਦੇ ਹਨ ਕਿ ਉਹ ਮਹਿਫਲੀ ਬੰਦਾ ਹੈ।

ਬਾਬੂ ਸਿੰਘ ਮਾਨ ਮਰਾੜ੍ਹਾਂਵਾਲੇ ਦੀ ਗੀਤਕਾਰੀ ਨੂੰ ਸਾਰੇ ਪੰਜਾਬੀਆਂ ਨੇ ਰੱਜ ਕੇ ਮਾਣਿਆ ਹੈ ਪਰ ਉਸ ਦਾ ਸਾਹਿਤਕ ਅਤੇ ਸਭਿਆਚਾਰਕ ਮੁੱਲ ਅਕਾਦਮਿਕ ਪੱਧਰ ਤੇ ਬਹੁਤ ਘੱਟ ਅੰਗਿਆ ਗਿਆ ਹੈ। ਇਹ ਬੜਾ ਵਿਰੋਧਾਭਾਸ ਹੈ ਕਿ ਬਾਬੂ ਸਿੰਘ ਮਾਨ ਦੀ ਗੀਤਕਾਰੀ ਨੂੰ ਸਮੂਹ ਪੰਜਾਬੀਆਂ ਨੇ ਅੱਖਾਂ ਤੇ ਬਿਠਾਇਆ ਪਰ ਉਸ ਨੂੰ ਅਕਾਦਮਿਕ ਦਾਇਰਿਆਂ ਵਿਚ ਘੱਟ ਪਰਵਾਨਿਆਂ ਗਿਆ। ਇਸ ਵਰਤਾਰੇ ਨੂੰ ਸਮਝਣ ਲਈ ਸਾਨੂੰ ਇਕ ਪਾਸੇ ਤਾਂ ਪੰਜਾਬੀ ਕਾਵਿ ਚੇਤਨਾ ਤੇ ਨਜਰ ਮਾਰਨੀ ਪਵੇਗੀ ਦੂਸਰੇ ਪਾਸੇ ਪੰਜਾਬੀ ਸਭਿਆਚਾਰ ਦੇ ਅੰਤਰ ਵਿਰੋਧਾਂ ਨੂੰ ਵੀ ਵਾਚਣਾ ਪਵੇਗਾ। ਆਧੁਨਿਕਤਾ ਦੇ ਪ੍ਰਭਾਵ ਅਧੀਨ ਪੰਜਾਬੀ ਕਵਿਤਾ ਆਮ ਜਨਮਾਨਸ ਨਾਲੋਂ ਟੁੱਟ ਕੇ ਮੱਧਵਰਗੀ ਪੜ੍ਹੇ-ਲਿਖੇ ਲੋਕਾਂ ਦੀ ਪਟੜੀ ਚੜ੍ਹ ਗਈ। ਜਿੱਥੇ ਸਾਡੀ ਮੱਧਕਾਲੀ ਕਵਿਤਾ ਸਰੋਤਿਆਂ ਦੇ ਸੁਣਨ ਵਾਲੀ ਚੀਜ ਸੀ ਉਥੇ ਤਥਾਕਥਿਤ ਆਧੁਨਿਕ ਕਵਿਤਾ ਪੁਸਤਕਾਂ ਵਿਚ ਬੰਦ ਪਾਠਕਾਂ ਦੇ ਪੜ੍ਹਨ ਵਾਲੀ ਸ਼ੈਅ ਸੀ। ਪੁਰਾਣੀ ਮੱਧਕਾਲੀ ਕਵਿਤਾ ਦੇ ਪਵਿੱਤਰ ਗੁਰਬਾਣੀ ਰੂਪ ਨੂੰ ਕੀਰਤਨੀਏ ਸਿੰਘ ਗਾਉਂਦੇ ਸਨ, ਇਸੇ ਤਰ੍ਹਾਂ ਵਾਰਕਾਰਾਂ ਦੀਆਂ ਵਾਰਾਂ ਨੂੰ ਢਾਡੀ ਗਾਉਂਦੇ ਸਨ, ਸੂਫੀਆਂ ਦੇ ਕਲਾਮ ਨੂੰ ਕਵਾਲ ਗਾਉਂਦੇ ਸਨ ਅਤੇ ਕਿੱਸਿਆਂ ਨੂੰ ਲੋਕ ਗਾਇਕ ਗਾਉਂਦੇ ਸਨ। ਆਧੁਨਿਕਤਾ ਦੇ ਪ੍ਰਭਾਵ ਅਧੀਨ ਕਵਿਤਾ ਗਾਉਣ ਨਾਲੋਂ ਟੁੱਟ ਗਈ। ਇਸ ਤਰ੍ਹਾਂ ਕਵਿਤਾ ਦੀਆਂ ਦੋ ਧਾਰਾਵਾਂ ਵਿਕਸਤ ਹੋਣ ਲੱਗੀਆਂ। ਇਕ ਪਾਸੇ ਮੱਧਵਰਗੀ ਪੜ੍ਹਿਆਂ ਲਿਖਿਆਂ ਦੀ ਪੁਸਤਕੀ ਕਵਿਤਾ ਸੀ ਤੇ ਦੂਸਰੇ ਪਾਸੇ ਆਮ ਲੋਕਾਂ ਨੂੰ ਕੁਝ ਦੇਰ ਸਟੇਜੀ ਕਵੀਆਂ ਨੇ ਸਾਂਭੀ ਰੱਖਿਆ ਅਤੇ ਮੁੜ ਗੀਤਕਾਰਾਂ ਨੇ ਉਨ੍ਹਾਂ ਦੀ ਕਾਵਿ ਭੁੱਖ ਨੂੰ ਪੂਰਿਆਂ ਕੀਤਾ। ਨਵੀਆਂ ਵਿਗਿਆਨਕ ਕਾਢਾਂ ਖਾਸ ਕਰਕੇ ਗ੍ਰਾਮੋਫੋਨ ਦੇ ਆਉਣ ਨਾਲ ਗੀਤਕਾਰ,ਗਾਇਕ ਅਤੇ ਸੰਗੀਤਕਾਰ ਦੀ ਗੈਰਹਾਜਰੀ ਵਿਚ ਵੀ ਗੀਤ ਦਾ ਸੰਗੀਤ ਨਾਲ ਸੰਗਮ ਸੁਣਿਆ ਜਾ ਸਕਦਾ ਸੀ। ਫਿਲਮਾਂ ਵਿਚ ਵੀ ਗੀਤ ਆਉਣ ਲੱਗੇ ਅਤੇ ਰੇਡੀਓ ਉਪਰ ਵੀ ਗੀਤ ਵੱਜਣ ਲੱਗੇ। ਬਾਅਦ ਵਿਚ ਕੈਸਟ ਰਿਕਾਰਡਰਾਂ, ਸੀ.ਡੀ.ਪਲੇਅਰਾਂ ਅਤੇ ਟੈਲੀਵਿਜਨ ਨੇ ਗੀਤਕਾਰੀ ਅਤੇ ਗਾਇਕੀ ਦੀ ਵੱਡੀ ਮੰਡੀ ਪੈਦਾ ਕੀਤੀ। ਇਸ ਮੰਡੀ ਦੇ ਪੈਦਾ ਹੋਣ ਨਾਲ ਗੀਤ ਘਰ ਘਰ ਪੁੱਜਿਆ ਪਰ ਇਸ ਦੇ ਨਾਲ ਇਸ ਵਿਚ ਮੰਡੀ ਦੀਆਂ ਸਾਰੀਆਂ ਅਲਾਮਤਾਂ ਵੀ ਆ ਗਈਆਂ। ਇਹ ਸੂਖਮ ਸੁੱਚੇ ਭਾਵਾਂ ਨਾਲੋਂ ਟੁੱਟ ਕੇ ਵਿਕਦੀਆਂ ਉਤੇਜਿਤ ਕਾਮਨਾਵਾਂ ਨਾਲ ਜੁੜ ਗਿਆ। ਇਕ ਤਰ੍ਹਾਂ ਨਾਲ ਗੀਤ ਸਾਹਿਤਕ ਰੂਪ ਵਜੋਂ ਹੀ ਬਦਨਾਮ ਹੋ ਗਿਆ। ਅਜਿਹੀ ਹਨੇਰੀ ਵਿਚ ਚੰਗੇ ਮਾੜੇ ਗੀਤਕਾਰ ਦੀ ਪਛਾਣ ਨਾ ਰਹੀ ਅਤੇ ਸਾਰੇ ਗੀਤਕਾਰਾਂ ਨੂੰ ਇਕੋ ਰੱਸੇ ਹੀ ਬੰਨ੍ਹ ਲਿਆ ਗਿਆ। ਇਸ ਹਨੇਰੀ ਵਿਚ ਹੀ ਖੂਬਸੂਰਤ ਗੀਤ ਲਿਖਣ ਵਾਲੇ ਬਾਬੂ ਸਿੰਘ ਮਾਨ, ਇੰਦਰਜੀਤ ਹਸਨਪੁਰੀ, ਦੇਵ ਥਰੀਕਿਆਂ ਵਾਲਾ, ਜਨਕ ਸ਼ਰਮੀਲਾ, ਗੁਰਦਾਸ ਮਾਨ ਆਦਿ ਮੌਜੂਦ ਸਨ ਜਿਨ੍ਹਾਂ ਨੇ ਨੰਦ ਲਾਲ ਨੂਰਪੁਰੀ ਅਤੇ ਫਿਰੋਜਦੀਨ ਸ਼ਰਫ ਵਰਗਿਆਂ ਦਾ ਵਿਰਸਾ ਸਾਂਭਿਆ ਹੋਇਆ ਸੀ।

ਬਾਬੂ ਸਿੰਘ ਮਾਨ ਦੀ ਗੀਤਕਾਰੀ ਉਪਰ ਗੱਲ ਕਰਨ ਤੋਂ ਪਹਿਲਾਂ ਪੰਜਾਬ ਦੇ ਸਭਿਆਚਾਰ ਨੂੰ ਸਮਝਣਾ ਬਹੁਤ ਜਰੂਰੀ ਹੈ। ਬਾਬੂ ਸਿੰਘ ਮਾਨ ਇਕ ਅਜਿਹਾ ਗੀਤਕਾਰ ਹੈ ਜੋ ਸਮੇਂ ਦੇ ਨਾਲ ਪੰਜਾਬੀ ਸਭਿਆਚਾਰ ਵਿਚ ਆਏ ਬਦਲਾਓ ਨੂੰ ਵੀ ਫੜਦਾ ਰਿਹਾ ਹੈ ਅਤੇ ਉਹ ਪੇਂਡੂ ਪੰਜਾਬੀ ਸਭਿਆਚਾਰ ਦਾ ਨਾ ਕੇਵਲ ਡੂੰਘਾ ਜਾਣਕਾਰ ਹੈ ਸਗੋਂ ਉਸ ਨੂੰ ਪੰਜਾਬੀ ਮੁਹਾਵਰੇ ਉਪਰ ਵੀ ਵਸੀਕਾਰ ਹੈ। ਪੰਜਾਬੀ ਸਭਿਆਚਾਰ ਖਾਸ ਕਰਕੇ ਮਲਵਈ ਸਭਿਆਚਾਰ ਥੁੜ ਦਾ ਸਭਿਆਚਾਰ ਸੀ। ਸਭ ਤੋਂ ਵੱਡੀ ਸਮੱਸਿਆ ਜਮੀਨ ਦੇ ਘੱਟ ਹੋਣ ਕਾਰਨ ਅਤੇ ਔਰਤਾਂ ਦੀ ਘਾਟ ਕਾਰਨ ਕੁਝ ਮਰਦਾਂ ਦੇ ਛੜੇ ਰਹਿਣ ਦੀ ਸੀ। ਇਸੇ ਕਾਰਨ ਹੀ ਪੰਜਾਬੀ ਲੋਕਗੀਤਾਂ ਵਿਚ ਛੜੇ ਦਾ ਚਰਿੱਤਰ ਵਾਰ ਵਾਰ ਪੇਸ਼ ਹੁੰਦਾ ਹੈ ਤੇ ਪੰਜਾਬੀ ਗੀਤਾਂ ਵਿਚ ਵੀ ਛੜੇ ਦਾ ਜਿਕਰੇਆਮ ਹੈ। ਵਿਆਹ ਲਈ ਟੇਕ ਭਰਜਾਈ ਉਪਰ ਹੀ ਹੁੰਦੀ ਸੀ ਅਤੇ ਇਸ ਲਈ ਸਭ ਤੋਂ ਢੁਕਵੀਂ ਥਾਂ ਭਰਾ ਦੇ ਸਾਹੁਰੇ ਹੀ ਸੀ,ਕਿਉਂਕਿ ਪੰਜਾਬੀ ਸਭਿਆਚਾਰ ਵਿਚ ਪਿੰਡੋਂ ਬਾਹਰਲੇ ਜਾਤ ਅੰਦਰ ਪਰ ਗੋਤ ਬਾਹਰੇ ਵਿਆਹ-ਪ੍ਰਬੰਧ ਵਿਚ ਭਾਬੀ ਦਾ ਪਰਿਵਾਰ ਹੀ ਇਕ ਅਜਿਹਾ ਪਰਿਵਾਰ ਸੀ ਜਿਥੋਂ ਰਿਸ਼ਤਾ ਹੋ ਸਕਦਾ ਸੀ। ਇਸ ਲਈ ਭਾਬੀ ਪੰਜਾਬੀ ਗੀਤਾਂ ਦੀ ਕੇਂਦਰੀ ਪਾਤਰ ਬਣਦੀ ਰਹੀ ਹੈ। ਮਾਨ ਦੇ ਦੋਗਾਣਿਆਂ ਵਿਚ ਖਾਸ ਕਰਕੇ ਭਾਬੀ ਦੀਆਂ ਬਹੁਤੀਆਂ ਮਿੰਨਤਾਂ ਰਿਸ਼ਤਾ ਲੈਣ ਲਈ ਹੀ ਕੀਤੀਆਂ ਮਿਲਦੀਆਂ ਹਨ।

ਦਿਓਰ: ਇੱਕ ਗੱਲ ਸੁਣ ਵੱਡੀਏ ਭਰਜਾਈਏ
ਤੈਨੂੰ ਦਿਲ ਦਾ ਹਾਲ ਸੁਣਾਈਏ
ਕਿਧਰੇ ਛੜੇ ਹੀ ਨਾ ਮਰ ਜਾਈਏ
ਮੰਨ ਲੈ ਮਿੰਨਤ ਵਿਚਾਰੇ ਦੀ
ਡੁਬਦੀ ਬੇੜੀ ਪਾਰ ਲੰਘਾਦੇ
ਦਿਓਰ ਵਿਚਾਰੇ ਦੀ
ਭਾਬੀ : ਅੱਖੀਂ ਪਾ ਸੁਰਮੇ ਦੀ ਧਾਰੀ
ਵੇਹਲਾ ਰਹੇਂ ਦਿਹਾੜੀ ਸਾਰੀ
ਤੈਨੂੰ ਚੜ੍ਹੀ ਜਵਾਨੀ ਨਿਆਰੀ
ਬਣਕੇ ਰਹਿਨੈਂ ਜਾਨੀ ਵੇ
ਵਿਹਲੜ ਦੇ ਲੜ ਕੀਕਣ
ਲਾਂ ਦਿਆਂ ਧੀ ਬੇਗਾਨੀ ਵੇ

ਬਦਲ ਰਹੇ ਸਭਿਆਚਾਰ ਅਨੁਸਾਰ ਦਿਉਰ ਦੀ ਫਰਮਾਇਸ਼ ਵੀ ਵਿਸ਼ੇਸ਼ ਹੁੰਦੀ ਜਾਂਦੀ ਹੈ। ਕਦੇ ਉਹ ਚੰਡੀਗੜ੍ਹ ਪੜ੍ਹਦੀ ਕੁੜੀ ਦੀ ਮੰਗ ਕਰਦਾ ਹੈ ਅਤੇ ਕਦੇ ਜਿਹੜੀ ਦਫਤਰ ਵਿਚ ਸਟੈਨੋ ਹੈ, ਉਹ ਉਸ ਦੀ ਮੰਗ ਬਣ ਜਾਂਦੀ ਹੈ। ਦਿਉਰ ਦੇ ਉਲਟ ਛੜਾ ਜੇਠ ਹਮੇਸ਼ਾ ਹੀ ਦੁਰਕਾਰਿਆ ਪਾਤਰ ਰਿਹਾ ਹੈ ਕਿਉਂਕਿ ਉਹ ਪਹਿਲਾਂ ਹੀ ਪੰਜਾਬੀ ਖਾਸ ਕਰਕੇ ਮਲਵਈ ਜੱਟ ਕਿਸਾਨੀ ਦੇ ਸਭਿਆਚਾਰ ਦੇ ਵਿਆਹ-ਪ੍ਰਬੰਧ ਦੀਆਂ ਗਿਣਤੀਆਂ ਮਿਣਤੀਆਂ ਵਿਚ ਹਾਸ਼ੀਆਕ੍ਰਿਤ ਪਾਤਰ ਹੈ। ਉਸ ਦੇ ਵਿਆਹ ਦੀ ਆਸ ਟੁੱਟ ਚੁੱਕੀ ਹੁੰਦੀ ਹੈ। ਅਕਸਰ ਜੇਠ ਦਾ ਚਰਿੱਤਰ ਨਾ ਕੇਵਲ ਨਸ਼ੱਈ ਅਤੇ ਵੈਲੀ ਦਾ ਹੀ ਹੁੰਦਾ ਹੈ ਸਗੋਂ ਉਹ ਠਰਕੀ ਸੁਭਾਅ ਦਾ ਹੁੰਦਾ ਹੈ। ਉਸ ਕੋਲ ਮਰਿਯਾਦਾਬੱਧ ਪੁੰਨ ਦੇ ਸਾਕ ਤੋਂ ਬਗੈਰ ਕਰੇਵੇ ਜਾਂ ਮੁੱਲ ਦੇ ਵਿਆਹ ਦੀ ਚੋਣ ਹੀ ਬਾਕੀ ਹੁੰਦੀ ਹੈ ਅਤੇ ਅਕਸਰ ਉਹ ਜੇ ਥੋੜ੍ਹੀ ਜਮੀਨ ਦਾ ਮਾਲਕ ਹੋਵੇ ਤਾਂ ਉਸ ਆਸਰੇ ਅਜਿਹਾ ਅੱਕ ਵੀ ਚੱਬਦਾ ਹੈ। ਜੇ ਸਥਿਤੀ ਦਾ ਸਧਾਰਨੀਕਰਨ ਕਰੀਏ ਤਾਂ ਜਮੀਨ ਵੰਡੀ ਜਾਣ ਦੇ ਡਰੋਂ ਭਰਜਾਈ ਜਮੀਨ ਸਾਂਝੀ ਰੱਖਣ ਖਾਤਰ ਤਨ ਸਾਂਝਾ ਕਰ ਲੈਂਦੀ ਹੈ ਪਰ ਜੇਕਰ ਸਮਾਜਿਕ ਮਰਿਯਾਦਾ ਦੀ ਬੱਝੀ ਉਹ ਅਜਿਹਾ ਕਰਨ ਤੋਂ ਇਨਕਾਰੀ ਹੋ ਜਾਂਦੀ ਹੈ ਤਾਂ ਸਮੱਸਿਆ ਖੜੀ ਹੋ ਜਾਂਦੀ ਹੈ। ਇਹੀ ਸਮੱਸਿਆ ਨੂੰ ਮਾਲਵੇ ਦੇ ਗਲਪਕਾਰਾਂ ਅਤੇ ਨਾਟਕਕਾਰਾਂ ਨੇ ਵੀ ਆਪੋ ਆਪਣੀ ਵਿਧਾ ਵਿਚ ਪੇਸ਼ ਕੀਤਾ ਹੈ। ਖਾਸ ਕਰਕੇ ਅਜਮੇਰ ਸਿੰਘ ਔਲਖ ਦੇ ਨਾਟਕ ਇਕ ਰਮਾਇਣ ਹੋਰ ਅਤੇ ਮਾਨ ਦੇ ਗੀਤ ਹਾਏ ਨੀ ਘੁੰਢ ਛੱਡਣਾ ਪਊ ਵਿਚ ਵਿਸ਼ੇ ਦੀ ਸਮਾਨਤਾ ਹੈ। ਬਾਬੂ ਸਿੰਘ ਮਾਨ ਮਰਾੜ੍ਹਾਂਵਾਲੇ ਦੇ ਬਹੁਤੇ ਦੋਗਾਣੇ ਦਿਉਰ-ਭਾਬੀ, ਜੇਠ-ਭਾਬੀ ਅਤੇ ਜੀਜਾ-ਸਾਲੀ ਦੇ ਰਿਸ਼ਤੇ ਦੁਆਲੇ ਘੁੰਮਦੇ ਹਨ। ਪੰਜਾਬੀ ਪੇਂਡੂ ਸਮਾਜ ਦੀਆਂ ਤਲਖ ਹਕੀਕਤਾਂ ਤੋਂ ਅਨਜਾਣਾਂ ਲਈ ਇਹ ਗੀਤ ਫਾਹਸ਼ ਹੈ ਜਦੋਂ ਕਿ ਪੇਂਡੂਆਂ ਲਈ ਇਹ ਧੁਰ ਅੰਦਰ ਦੀ ਆਵਾਜ ਹੈ। ਇਸੇ ਲਈ ਸਾਹਿਤਕ ਹਲਕੇ ਮਾਨ ਨੂੰ ਮਾਣ ਦੇਣ ਤੋਂ ਇਨਕਾਰੀ ਰਹੇ ਪਰ ਪੇਂਡੂ ਇਸ ਨੂੰ ਸਨਮਾਨਦੇ ਰਹੇ।

ਔਰਤ : ਜੇਠ ਮੇਰੇ ਦੇ ਘਰ-ਵਾਲੀ ਤੇਰੀ ਭਰਜਾਈ ਵੇ
ਇਕ ਸਾਲ ਵਿਚ ਹੁਣ ਉਹ ਪੰਦਰਵੇ ਥਾਂ ਆਈ ਵੇ
ਪਤਾ ਲੱਗੂ ਜਦ ਚਾਦਰ ਪਾੜ ਪਟੋਲੇ ਕਰ ਚੱਲੀ
ਅੱਧੀ ਭੋਇ ਦਾ ਮਾਲਕ ਏਥੇ ਜੰਮਕੇ ਧਰ ਚੱਲੀ
ਮਰਦ : ਖਿੜਕੀ ਉਹਲੇ ਖੜ੍ਹਕੇ ਵੜਕੇ ਵਿਚ ਚੁਬਾਰੇ ਦੇ
(ਕਦੇ) ਚੋਹਲ -ਮੁਹਲ ਤਾਂ ਵੇਖੀਂ ਅਪਣੇ ਜੇਠ ਪਿਆਰੇ ਦੇ
ਉਹ ਕਹਿੰਦਾ ਮੈਂ ਕਾਕਾ ਦੇਹਰਾ-ਦੂਨ ਪੜ੍ਹਾਉਣਾ ਏਂ
ਜਦ ਇਹ ਵੱਡਾ ਹੋ ਗਿਆ ਠਾਣੇਦਾਰ ਬਣਾਉਣਾ ਏਂ
ਔਰਤ : ਥੁੱਕੀਂ ਵੜੇ ਪਕਾਉਂਦਾ ਰਹਿੰਦਾ ਜੇਠ ਨਿਮਾਣਾ ਏਂ
ਵੱਡਾ ਹੋ ਇਹ ਖੌਰੇ ਕਿਸ ਭੜੂਏ ਤੇ ਜਾਣਾ ਏਂ
ਜਾਨ ਅਸਾਡੀ ਨੂੰ ਕਜੀਆ ਪੌਣਾ ਸੀ ਪਾ ਦਿੱਤਾ
ਸੱਤ-ਬੇਗਾਨਾ ਸਾਡਾ ਨਵਾਂ ਸ਼ਰੀਕ ਬਣਾ ਦਿੱਤਾ
ਇਸੇ ਪ੍ਰਕਾਰ ਦੀ ਇਕ ਹੋਰ ਉਦਾਹਰਨ ਵਾਚਣਯੋਗ ਹੈ :
ਔਰਤ : ਮੈਂ ਮਰ ਗਈ ਵੇ ਘੁੰਡ ਕੱਢਣਾ ਪਊ
ਮਰਦ : ''ਮੈਂ ਅੱਧ ਵੰਡਾ ਲਊਂ ਘਰ ਵਿਚੋਂ''
ਕੱਲ੍ਹ ਭਰੀ ਪੰਚਾਇਤ 'ਚ ਕਹਿ ਅਇਆ
ਜੇ ਯੂ.ਪੀ ਸੀ.ਪੀ ਚੋਂ ਕਿਧਰੋਂ
ਕੋਈ ਬਾਗੜਨੀ ਜਿਹੀ ਲੈ ਆਇਆ
ਔਰਤ : ਇਹ ਕਲਯੁਗ ਬੁਰਾ ਜ਼ਮਾਨਾ ਵੇ
ਉਹ ਲੱਭਦਾ ਫਿਰੇ ਬਹਾਨਾ ਵੇ
ਗੱਲ ਠੀਕ ਹੈ ਤੇਰੀ ਮਾਨਾ ਵੇ
ਘੁੰਢ ਛੱਡਣਾ ਪਊ...

ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਨੇ ਅੱਲ੍ਹੜ ਕੁਆਰੇ ਪਿਆਰ ਭਾਵਾਂ ਨੂੰ ਜੁਬਾਨ ਦਿੱਤੀ ਹੈ ਪਰ ਜਿਵੇਂ ਅਸੀਂ ਜਾਣਦੇ ਹੀ ਹਾਂ ਕਿ ਪੰਜਾਬੀ ਸਮਾਜ ਵਿਚ ਅਜੇ ਤਕ ਵੀ ਪਿਆਰ ਵਿਆਹ ਸੰਭਵ ਨਾ ਹੋਣ ਕਾਰਨ ਵਿਛੋੜਾ ਅਟੱਲ ਹੈ। ਇਸ ਦਾ ਕਾਰਨ ਬੰਦ-ਸਮਾਜ ਪ੍ਰਬੰਧ ਵੀ ਹੈ ਅਤੇ ਪਿੰਡ ਅੰਦਰ ਵਿਆਹ ਦੀ ਮਨਾਹੀ ਵੀ। ਅਜਿਹੀ ਸਥਿਤੀ ਵਿਚ ਆਸ਼ਕ-ਮਾਸ਼ੂਕਾਂ ਦੀ ਸਥਿਤੀ ਜਾਂ ਤਾਂ ਹੀਰ-ਰਾਂਝੇ ਵਾਂਗ ਵਿਛੋੜੇ ਦੀ ਹੁੰਦੀ ਹੈ ਜਾਂ ਮਿਰਜੇ ਵਾਂਗ ਕੱਢ ਕੇ ਲੈ ਜਾਣ ਬਾਅਦ ਮਰ ਜਾਣ ਦੀ ਹੁੰਦੀ ਹੈ ਅਤੇ ਜਾਂ ਫਿਰ ਸੋਹਣੀ ਮਹੀਂਵਾਲ ਵਾਂਗ ਚੋਰੀਓਂ ਮਿਲਣ ਦੀ ਹੁੰਦੀ ਹੈ। ਪੰਜਾਬੀ ਗੀਤਾਂ ਵਿਚ ਇਹ ਤਿੰਨੇ ਲੋਕ ਗਾਥਾਈ ਪਿਆਰ ਕਹਾਣੀਆਂ ਦੇ ਆਰਕੀਟਾਈਪ ਵਾਰ ਵਾਰ ਦੁਹਰਾਏ ਗਏ ਹਨ। ਇਨ੍ਹਾਂ ਗੀਤਾਂ ਨੂੰ ਪੁਰਾਣੀਆਂ ਪ੍ਰੀਤ ਕਹਾਣੀਆਂ ਦੇ ਨਵੇਂ ਰੂਪਾਂਤਰਾਂ ਵਜੋਂ ਵੀ ਪੜ੍ਹਿਆ ਜਾ ਸਕਦਾ ਹੈ। ਹੇਠ ਲਿਖੇ ਗੀਤ ਨੂੰ ਸੋਹਣੀ-ਮਹੀਂਵਾਲ ਦੇ ਨਵੇਂ ਪ੍ਰਸੰਗ ਵਿਚ ਵੇਖਿਆ ਜਾ ਸਕਦਾ ਹੈ :

ਔਰਤ : ਨਵੇਂ ਚੰਦ ਹੋਰ ਹੀ ਚੜ੍ਹਾ 'ਤੇ ਪੰਚਾਇਤ ਨੇ
ਗਲੀਆਂ 'ਚ ਬਲਬ ਲਵਾ 'ਤੇ ਪੰਚਾਇਤ ਨੇ
ਖੰਭ ਹੁੰਦੇ ਉੱਡ ਕੇ ਉਡਾਰੀ ਮਾਰ ਜਾਂਦੀ
ਬਹਿ ਗਈ ਰੌਸ਼ਨੀ ਰੋਕਕੇ ਰਾਹਵਾਂ
ਮੇਰਾ ਕੀ ਕਸੂਰ ਮਿਤਰਾ... ਭਾਵੇ ਰੱਖ ਕੇਭਾਵੇਂ ਰੱਖ ਕੇ ਤਲੀ ਤੇ ਸਿਰ ਆਵਾਂ
ਮੈਂ ਆਵਾਂਗੀ ਜ਼ਰੂਰ ਮਿੱਤਰਾ

ਪਿਆਰ ਵਿਚ ਵਿਛੋੜਾ ਸਦੀਵੀ ਭਾਵ ਹੈ। ਵਿਛੋੜੇ ਵਿਚ ਮਿਲਣ ਸਮੇਂ ਦੀਆਂ ਯਾਦਾਂ ਵੀ ਸਮਾਈਆਂ ਹੁੰਦੀਆਂ ਹਨ ਅਤੇ ਬਿਰਹੋਂ ਦਾ ਦੁੱਖ ਵੀ ਹੁੰਦਾ ਹੈ। ਕਈ ਵਾਰ ਮੇਲ ਵਿਚ ਵੀ ਵਿਛੋੜਾ ਭਾਰੂ ਹੋ ਜਾਂਦਾ ਹੈ ਮੁਢਲੇ ਸਮੇਂ ਦੇ ਗੀਤਾਂ ਵਿਚ ਇਹ ਵਿਛੋੜਾ ਮਰਦ ਦੇ ਦੂਰ ਨੋਕਰੀ ਕਰਨ ਖਾਸ ਕਰਕੇ ਫੌਜ ਵਿਚ ਭਰਤੀ ਹੋਣ ਨਾਲ ਪੈਂਦਾ ਸੀ ਅਤੇ ਹੁਣ ਇਹ ਵਿਛੋੜਾ ਜਿਆਦਾਤਰ ਵਿਦੇਸ਼ੀਂ ਖੱਟੀ ਕਰਨ ਨਾਲ ਪੈਂਦਾ ਹੈ। ਮਾਨ ਨੇ ਦੋਹਾਂ ਸਥਿਤੀਆਂ ਦੇ ਹੀ ਗੀਤ ਲਿਖੇ ਹਨ। ਪਰਵਾਸੀ ਚੇਤਨਾ ਦੇ ਪ੍ਰਸੰਗ ਵਿਚ ਹੇਠ ਲਿਖੀਆਂ ਸਤਰਾਂ ਵਾਚਣਯੋਗ ਹਨ:

ਸੀਨੇ ਪੈਂਦੀਆਂ ਨੇ ਸੱਲਾਂ
ਯਾਦ ਆਉਂਦੀਆਂ ਨੇ ਗੱਲਾਂ
ਜਦੋਂ ਜੁਦਾ ਹੋਣ ਵੇਲੇ ਗਲ ਲੌਣ ਲੱਗੇ ਰੋਏ
ਅਸੀਂ ਦੋਵੇਂ ਇਕ ਦੂਜੇ ਨੂੰ ਵਰੌਣ ਲੱਗੇ ਰੋਏ
ਅਸੀਂ ਕਰ ਕਰ ਚੇਤੇ
ਇੱਕ ਪਲ ਵੀ ਨਾ ਸੁੱਤੇ
ਜਦੋਂ ਜਾਂਦੀ ਵਾਰੀ
ਦਿੱਲੀ ਹਵਾਈ ਅੱਡੇ ਉੱਤੇ
ਤੁਸੀਂ ਜਾਣ ਲੱਗੇ ਰੋਏ
ਅਸੀਂ ਔਣ ਲੱਗੇ ਰੋਏ...

ਬਾਬੂ ਸਿੰਘ ਮਾਨ ਮਰਾੜ੍ਹਾਂਵਾਲੇ ਦੇ ਗੀਤਾਂ ਇਕ ਹੋਰ ਮੁਖ ਵਿਸ਼ਾ ਪਤੀ-ਪਤਨੀ ਦੀ ਨੋਕ-ਝੋਕ ਹੈ। ਇਹ ਨੋਕ-ਝੋਕ ਪਹਿਲੇ ਦੌਰ ਵਿਚ ਔਰਤ ਦੇ ਹੁਸਨ ਦੁਆਲੇ ਵੀ ਘੁੰਮਦੀ ਹੈ ਅਤੇ ਪੇਕੇ ਜਾਣ,ਨਾ ਜਾਣ ਦੇ ਸੰਯੋਗ-ਵਿਯੋਗ ਨੂੰ ਕਲੇਵਰ ਵਿਚ ਲੈਂਦੀ ਹੈ। ਇਸ ਵਿਚ ਔਰਤ ਦੀਆਂ ਫਰਮਾਇਸ਼ਾਂ ਅਤੇ ਮਰਦ ਦੇ ਵੈਲੀ ਜਾਂ ਨਸ਼ੱਈ ਹੋਣ ਤੇ ਵੀ ਵਿਅੰਗਮਈ ਟੋਕਾਂ ਹਨ। ਮਾਨ ਦੇ ਇਸ ਕੋਟੀ ਦੇ ਗੀਤਾਂ ਵਿਚ ਨੋਕ-ਝੋਕ ਅਕਸਰ ਹਾਸਰਸੀ ਹੋ ਜਾਂਦੀ ਹੈ। ਬਾਬੂ ਸਿੰਘ ਮਾਨ ਦੀ ਇਕ ਹੋਰ ਖਾਸੀਅਤ ਪੁਰਾਣੀਆਂ ਲੋਕ-ਕਥਾਵਾਂ ਨੂੰ ਪੁਨਰ ਪੇਸ਼ ਕਰਨ ਵਿਚ ਵੀ ਹੈ। ਉਸ ਨੇ ਹੀਰ ਰਾਂਝਾ, ਸੱਸੀ ਪੁੰਨੂ, ਮਿਰਜਾ ਸਾਹਿਬਾਂ ਦੇ ਪ੍ਰਸੰਗ ਤਾਂ ਲਿਖੇ ਹੀ ਸਗੋਂ ਉਸ ਨੇ ਪੂਰਨ ਭਗਤ,ਸੁੱਚਾ ਸੂਰਮਾ ਦੇ ਪ੍ਰਸੰਗ ਵੀ ਲਿਖੇ। ਮੁਹੰਮਦ ਸਦੀਕ ਦੀ ਆਵਾਜ ਵਿਚ ਰਿਕਾਰਡ ਸੁੱਚਾ ਸੂਰਮਾ ਤਾਂ ਇਕ ਤਰ੍ਹਾਂ ਨਾਲ ਉਸ ਦੀ ਪਛਾਣ ਬਣ ਗਿਆ। ਜਿਵੇਂ ਪਹਿਲਾਂ ਵੀ ਵਿਚਾਰ ਕੀਤੀ ਜਾ ਚੁੱਕੀ ਹੈ ਕਿ ਬਾਬੂ ਸਿੰਘ ਮਾਨ ਨਵੀਆਂ ਪ੍ਰਸਥਿਤੀਆਂ ਨੂੰ ਗੀਤਾਂ ਵਿਚ ਢਾਲਣ ਦਾ ਮਾਹਰ ਹੈ। ਚਾਹੇ ਜੱਟਾਂ ਦਾ ਮੁੰਡਾ ਗਾਉਣ ਲੱਗੇ, ਚਾਹੇ ਢਾਬਾ ਖੋਲ੍ਹੇ, ਚਾਹੇ ਭੋਂਇ ਵੇਚ ਕੇ ਟਰੱਕ ਲਿਆਵੇ ਉਸ ਦੀ ਨਜਰ ਤੋਂ ਬਚ ਨਹੀਂ ਸਕਦਾ।

ਆਦਮੀ : ਭੋਂਇ ਵੇਚਕੇ ਟਰੱਕ ਲੈ ਆਂਦਾ
ਬਾਬੇ ਦੀ ਫੁੱਲ ਕਿਰਪਾ
ਬਿਨਾਂ ਪੀਤਿਉਂ ਨਸ਼ਾ ਚੜ ਜਾਂਦਾ
ਬਾਬੇ ਦੀ ਫੁੱਲ ਕਿਰਪਾ
ਤੀਵੀਂ : ਕਦੇ ਪੰਦਰੀਂ ਦਿਨੀਂ ਘਰ ਆਂਦਾ
ਵੇ ਚੰਨਾ ਤੇਰਾ ਧੰਨ ਜਿਗਰਾ
ਰਾਤ ਕੱਟਕੇ ਸਵੇਰੇ ਤੁਰ ਜਾਂਦਾ
ਚੰਨਾ ਤੇਰਾ ਧੰਨ ਜਿਗਰਾ
ਆਦਮੀ : ਖੇਤਾਂ ਵਿਚ ਢੱਗਿਆਂ ਦੇ ਨਾਲ ਮੱਥਾ ਮਾਰਿਆ
ਬੜੀ ਦੇਰ ਰੁੱਖੀ ਮਿੱਸੀ ਖਾਕੇ ਡੰਗ ਸਾਰਿਆ
ਹੁਣ ਤੇਰਾ ਮਾਹੀ ਜੀ.ਟੀ.ਰੋਡ ਦੇ ਕਿਨਾਰੇ
ਬਣੇ ਹੋਟਲੋਂ ਪਰਾਉਂਠੇ ਖਾਂਦਾ


Insane